top


ਖ਼ਬਰਾਂ

25
Jun
ਅਮਰੀਕੀਆਂ ਨੂੰ ਨੌਕਰੀ ਦੇਣ ਲਈ ਜ਼ਰੂਰੀ ਸੀ ਗਰੀਨ ਕਾਰਡ 'ਤੇ ਰੋਕ: ਟਰੰਪ
ਨਿਊ ਯਾਰਕ (ਦੇਸ਼ ਵਿਦੇਸ਼ ਬਿਊਰੋ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ ਦੇ ਅੰਤ ਤਕ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ 'ਤੇ ਰੋਕ ਲਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ। ਦੱਸ ਦਈਏ ਕਿ ਟਰੰਪ ਨੇ ਅਪ੍ਰੈਲ ਵਿਚ ਇਕ ਆਦੇਸ਼ ਰਾਹੀਂ ਗ੍ਰੀਨ ਕਾਰਡ ਜਾਰੀ ਕਰਨ 'ਤੇ ੯੦ ਦਿਨਾਂ ਦੀ ਰੋਕ ਲਗਾ ਦਿੱਤੀ। ਸੋਮਵਾਰ ਨੂੰ ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਸ ਮੁਅੱਤਲੀ ਦੀ ਮਿਆਦ ੩੧ ਦਸੰਬਰ ੨੦੨੦ ਤਕ ਵਧਾ ਦਿੱਤੀ ਗਈ। ਟਰੰਪ ਤੋਂ ਜਦੋਂ ਗ੍ਰੀਨ ਕਾਰਡ ਮੁਅੱਤਲੀ ਦੇ ਆਦੇਸ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮੰਗਲਵਾਰ ਨੂੰ ਸੈਨ ਲੂਈਸ, ਐਰੀਜੋਨਾ ਵਿਚ ਪੱਤਰਕਾਰਾਂ ਨੂੰ ਕਿਹਾ, ਫ਼ਿਲਹਾਲ ਸਾਡਾ ਧਿਆਨ ਅਮਰੀਕੀਆਂ ਨੂੰ ਨੌਕਰੀ ਦੇਣ 'ਤੇ ਹੈ। ਹਾਲੇ ਅਸੀਂ ਚਾਹੁੰਦੇ ਹਾਂ ਕਿ ਨੌਕਰੀਆਂ ਅਮਰੀਕੀਆਂ ਨੂੰ ਮਿਲਣ। ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਦੁਬਾਰਾ ਕਿਸਮਤ ਅਜ਼ਮਾ ਰਹੇ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਵਿਚਾਲੇ ਆਰਥਿਕ ਸੰਕਟ ਦੇ ਕਾਰਨ ਨੌਕਰੀਆਂ ਗਵਾਉਣ ਵਾਲੇ ਲੱਖਾਂ ਅਮਰੀਕੀਆਂ ਦੀ ਮਦਦ ਕਰਨ ਲਈ ਇਹ ਕਦਮ ਲਾਜ਼ਮੀ ਸੀ। ਟਰੰਪ ਨੇ ਕਿਹਾ ਕਿ ਦੇਸ਼ ਵਿਚ ਕੁੱਲ ਬੇਰੁਜ਼ਗਾਰੀ ਦਰ ਫਰਵਰੀ ਅਤੇ ਮਈ ੨੦੨੦ ਵਿਚ ਲਗਪਗ ਚਾਰ ਗੁਣਾ ਹੋ ਗਈ। ਅਮਰੀਕਾ ਹਰ ਸਾਲ ੧ ਲੱਖ ੪੦ ਹਜ਼ਾਰ ਗਰੀਨ ਕਾਰਡ ਜਾਰੀ ਕਰਦਾ ਹੈ। ਹਾਲੇ ਅਮਰੀਕਾ ਵਿਚ ਕਾਨੂੰਨੀ ਰੂਪ ਨਾਲ ਰਹਿ ਰਹੇ ਲਗਪਗ ੧੦ ਲੱਖ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਵੀਜ਼ਾ ਪ੍ਰਕਿਰਿਆ ਅਟਕੀ ਹੋਈ ਹੈ। ਇਨ੍ਹਾਂ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਹਾਲੇ ਤਕ ਇਨ੍ਹਾਂ ਨੂੰ ਰੁਜ਼ਗਾਰ ਵਾਲਾ ਗ੍ਰੀਨ ਕਾਰਡ ਨਹੀਂ ਮਿਲਿਆ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਐੱਚ੧ਬੀ ਵੀਜ਼ਾ ਸਮੇਤ ਦੂਜੇ ਰੁਜ਼ਗਾਰ ਅਧਾਰਿਤ ਵੀਜ਼ਾ ਪ੍ਰੋਗਰਾਮਾਂ 'ਤੇ ਰੋਕ ਲਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਏਸ਼ੀਆ ਦੇ ਕੁਸ਼ਲ ਕਾਮੇ ਪ੍ਰਭਾਵਿਤ ਹੋਣਗੇ ਬਲਕਿ ਇੰਮੀਗ੍ਰੈਂਟ ਕਾਮਿਆਂ ਦੇ ਭਰੋਸੇ ਚੱਲਣ ਵਾਲੇ ਅਮਰੀਕੀ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਹੋਵੇਗਾ। ਸੰਸਦ ਦੀ ਏਸ਼ੀਅਨ-ਪੈਸੇਫਿਕ ਅਮਰੀਕਨ ਕੌਕਸ ਦੀ ਪ੍ਰਧਾਨ ਜੂਡੀ ਚੂ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਚੁੱਕਿਆ ਗਿਆ ਪੱਖਪਾਤੀ ਕਦਮ ਰਾਸ਼ਟਰੀ ਹਿੱਤਾਂ ਦੇ ਖ਼ਿਲਾਫ਼ ਹੈ। ਜੇਕਰ ਅਸੀਂ ਅਰਥ-ਵਿਵਸਥਾ ਨੂੰ ਫਿਰ ਤੋਂ ਖੜ੍ਹਾ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਖੁਦ ਨੂੰ ਇੰਮੀਗ੍ਰੈਂਟਾਂ ਤੋਂ ਦੂਰ ਨਹੀਂ ਕਰ ਸਕਦੇ ਹਾਂ। ਰਾਸ਼ਟਰਪਤੀ ਵੱਲੋਂ ਚੁੱਕਿਆ ਗਿਆ ਇਹ ਕਦਮ ਚੋਣਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਉੱਧਰ, ਹਾਊਸ ਜਿਊਡਿਸ਼ਰੀ ਕਮੇਟੀ ਦੇ ਪ੍ਰਧਾਨ ਜੈਰੀ ਨਾਡਲਰ ਨੇ ਕਿਹਾ ਕਿ ਵੀਜ਼ਾ ਮੁਅੱਤਲੀ ਆਦੇਸ਼ ਨਾ ਸਿਰਫ਼ ਰਾਸ਼ਟਰਪਤੀ ਦੀ ਕਾਰਜਕਾਰੀ ਸ਼ਕਤੀ ਦੀ ਦੁਰਵਰਤੋਂ ਹੈ ਬਲਕਿ ਇਹ ਸਿਆਸਤ ਤੋਂ ਵੀ ਪ੍ਰੇਰਿਤ ਹੈ।
Canada Edition