ਕਲਾਸਾਂ ਦਾ ਆਕਾਰ ਘਟਾਉਣ ਲਈ ਮਾਪਿਆਂ ਨੇ ਸਰਕਾਰ ਤੋਂ ਕੀਤੀ ਮੰਗ

ਓਨਟਾਰੀਓ, 3 ਅਗਸਤ : ਮਾਪਿਆਂ ਨੂੰ ਲੱਗ ਰਿਹਾ ਹੈ ਕਿ ਓਨਟਾਰੀਓ ਸਰਕਾਰ ਵੱਲੋਂ ਐਲੀਮੈਂਟਰੀ ਵਿਦਿਆਰਥੀਆਂ ਲਈ ਕਲਾਸਾਂ ਦਾ ਆਕਾਰ ਘਟਾਉਣ ਤੋਂ ਬਿਨਾਂ ਹੀ ਸਕੂਲ ਖੋਲ੍ਹਣ ਦੀ ਕੀਤੀ ਜਾ ਰਹੀ ਤਿਆਰੀ ਬਹੁਤ ਹੀ ਨਿਰਾਸ਼ਾਜਨਕ ਤੇ ਪਰੇਸ਼ਾਨ ਕਰਨ ਵਾਲਾ ਫੈਸਲਾ ਹੈ| ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਲਈ ਟੀਚਰ-ਲਾਇਬ੍ਰੇਰੀਅਨ ਕੈਲੀ ਇਗਰਜ਼ ਨੇ ਆਖਿਆ ਕਿ ਭੀੜ ਭਾੜ ਵਾਲੀਆਂ ਕਲਾਸਾਂ ਵਿੱਚ ਸੋਸ਼ਲ ਡਿਸਟੈਂਸਿੰਗ ਵਾਲੇ ਨਿਯਮ ਦੀ ਪਾਲਣਾ ਕਰਨਾ ਅਸੰਭਵ ਹੈ| ਸ਼ਨਿੱਚਰਵਾਰ ਨੂੰ ਉਸ ਵੱਲੋਂ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਜਿਸ ਵਿੱਚ ਓਨਟਾਰੀਓ ਸਰਕਾਰ ਤੋਂ ਕਲਾਸਾਂ ਦਾ ਆਕਾਰ ਘਟਾਉਣ ਦੀ ਮੰਗ ਕੀਤੀ ਗਈ| ਸੋਮਵਾਰ ਸ਼ਾਮ ਤੱਕ 65000 ਲੋਕਾਂ ਵੱਲੋਂ ਇਸ ਪਟੀਸ਼ਨ ਉੱਤੇ ਸਾਈਨ ਕੀਤੇ ਜਾ ਚੁੱਕੇ ਸਨ| ਇਗਰਜ਼ ਨੇ ਆਖਿਆ ਕਿ ਡਰ ਇਸ ਗੱਲ ਦਾ ਹੈ ਕਿ ਸਕੂਲਾਂ ਵਿੱਚ ਫਿਜ਼ੀਕਲ ਡਿਸਟੈਂਸਿੰਗ ਨਾ ਹੋਣ ਕਾਰਨ ਕਰੋਨਾਵਾਇਰਸ ਆਊਟਬ੍ਰੇਕਸ ਹੋ ਸਕਦੀਆਂ ਹਨ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੱਚਾ ਸਤੰਬਰ ਵਿੱਚ ਜੂਨੀਅਰ ਕਿੰਡਰਗਾਰਟਨ ਵਿੱਚ ਦਾਖਲ ਹੋਣ ਜਾ ਰਿਹਾ ਹੈ| ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਅਸੁਰੱਖਿਅਤ, ਗੈਰ-ਜਿੰæਮੇਵਰਾਨਾ ਪਲੈਨ ਅਸੀਂ ਸਵੀਕਾਰ ਨਹੀਂ ਕਰ ਸਕਦੇ| ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਤੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇਸ ਸਤੰਬਰ ਵਿੱਚ ਪ੍ਰੋਵਿੰਸ ਭਰ ਵਿੱਚ ਐਲੀਮੈਂਟਰੀ ਵਿਦਿਆਰਥੀਆਂ ਦੇ ਫੁੱਲ ਟਾਈਮ ਸਕੂਲ ਪਰਤਣ ਦੀ ਯੋਜਨਾ ਦਾ ਐਲਾਨ ਕੀਤਾ ਸੀ| ਇਸ ਦੇ ਨਾਲ ਹੀ ਵੱਡੇ ਸਕੂਲ ਬੋਰਡਜ਼ ਵਿੱਚ ਸੈਕੰਡਰੀ ਵਿਦਿਆਰਥੀਆਂ ਦੇ ਪਾਰਟ ਟਾਈਮ ਸ਼ਡਿਊਲ ਦਾ ਵੀ ਐਲਾਨ ਕੀਤਾ ਗਿਆ ਸੀ| ਸਰਕਾਰ ਵੱਲੋਂ ਗ੍ਰੇਡ 4 ਦੇ ਵਿਦਿਆਰਥੀਆਂ ਲਈ ਲਾਜ਼ਮੀ ਫੇਸ ਮਾਸਕ ਦਾ ਐਲਾਨ ਕੀਤਾ ਗਿਆ ਸੀ| ਇਸ ਦੇ ਨਾਲ ਹੀ ਐਜੂਕੇਟਰਜ਼, ਅਡੀਸ਼ਨਲ ਸਟਾਫ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਅਤੇ ਕਲੀਨਿੰਗ ਸਪਲਾਈਜ਼ ਉੱਤੇ ਸਰਕਾਰ ਨੇ 309 ਮਿਲੀਅਨ ਡਾਲਰ ਖਰਚਣ ਦਾ ਵੀ ਐਲਾਨ ਕੀਤਾ ਸੀ| ਪਰ ਕਲਾਸਾਂ ਦਾ ਆਕਾਰ ਘਟਾਉਣਾ ਸਰਕਾਰ ਦੀ ਯੋਜਨਾ ਦਾ ਹਿੱਸਾ ਨਹੀਂ ਸੀ|