ਸੈਕਰਾਮੈਂਟੋ ਟਰੱਕਿੰਗ ਕਾਰੋਬਾਰ ਦੇ ਮਾਲਕਾਂ 'ਤੇ ਬੀਮਾ ਧੋਖਾਧੜੀ ਦਾ ਦੋਸ਼

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੇਫੋਰਨੀਆਂ) 20 ਅਕਤੂਬਰ 2020-- ਪੰਜਾਬੀ ਲੋਕਾਂ ਨੇ ਦਨੀਆਂ ਦੇ ਹਰ ਖੇਤਰ ਵਿੱਚ ਜਾ ਕੇ ਆਪਣੀ ਮਿਹਨਤ ਦੇ ਦਮ ਤੇ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਸਾਰੀ ਕੌਮ ਦਾ ਸਿਰ ਉੱਚਾ ਕੀਤਾ ਹੈ। ਪਰ ਕਈ ਵਾਰ ਕੁਝ ਕੁ ਗੈਰ ਜਿੰਮੇਵਾਰ ਲੋਕ ਨਮੋਸ਼ੀ ਦਾ ਕਾਰਨ ਵੀ ਬਣਦੇ ਹਨ। ਅਜਿਹੀ ਹੀ ਨਮੋਸ਼ੀ ਦਾ ਮਾਮਲਾ ਸੈਕਰਾਮੈਂਟੋ ਵਿੱਚ ਸਾਹਮਣੇ ਆਇਆ ਹੈ। ਸੈਕਰਾਮੈਂਟੋ ਟਰੱਕਿੰਗ ਕੰਪਨੀ ਦੇ ਦੋ ਪੰਜਾਬੀ ਮੂਲ ਦੇ ਮਾਲਕਾਂ 'ਤੇ ਬੀਮਾ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ, ਜਿਸ ਦੇ ਨਤੀਜੇ ਵਜੋਂ ਬੀਮਾ ਕਰਤਾ ਨੂੰ $ 234,000 ਅਤੇ ਰੋਜ਼ਗਾਰ ਵਿਕਾਸ ਵਿਭਾਗ(ਈ ਡੀ ਡੀ) ਨੂੰ 220,000 ਡਾਲਰ ਦਾ ਨੁਕਸਾਨ ਹੋਇਆ ਹੈ। ਹਰਦੀਪ ਸਿੰਘ (44) ਅਤੇ ਅਮਨਦੀਪ ਕੌਰ (36) 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਸੁਤੰਤਰ ਠੇਕੇਦਾਰ ਦੱਸ ਕੇ 1.4 ਮਿਲੀਅਨ ਡਾਲਰ ਦੀ ਤਨਖਾਹ ਤੋਂ ਘੱਟ ਪੇਅ ਰੋਲ ਬਣਾਇਆ ਜਿਸ ਨਾਲ ਕਿ ਕਾਮਿਆਂ ਦੇ ਪ੍ਰੀਮੀਅਮ ਭੁਗਤਾਨ ਕਰਨ ਤੋਂ ਬਚ ਸਕਣ। ਸਿੰਘ ਅਤੇ ਕੌਰ ਦੀ ਇਹ ਕੰਪਨੀ ਟਰੱਸਟ ਟ੍ਰਾਂਸਪੋਰਟ ਇੰਕ. ਸੈਕਰਾਮੈਂਟੋ ਤੋਂ ਬਾਹਰ ਇੱਕ ਟਰੱਕਿੰਗ ਕੰਪਨੀ ਹੈ ਅਤੇ ਇਸਦਾ ਵੈਸਟ ਸੈਕਰਾਮੈਂਟੋ ਵਿਚ ਇਕ ਵੱਖਰਾ ਟਰੱਕਿੰਗ ਯਾਰਡ ਵੀ ਹੈ। ਇਹਨਾਂ ਦੋਵਾਂ ਨੇ ਫਰਵਰੀ 2014 ਤੋਂ ਅਕਤੂਬਰ 2016 ਤੱਕ ਆਪਣੇ ਕਰਮਚਾਰੀਆਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕਰਣ ਕੀਤਾ ਜਿਸ ਨਾਲ ਕਾਮਿਆਂ ਦੀ ਅਦਾਇਗੀ ਕਰਨ ਦੇ ਤਰੀਕੇ ਬਦਲ ਜਾਂਦੇ ਹਨ। ਇਸ ਸਕੀਮ ਤਹਿਤ ਦੋਵਾਂ ਨੇ ਉਨ੍ਹਾਂ ਕਾਮਿਆਂ ਲਈ ਸਿਰਫ 105,811 ਡਾਲਰ ਦੀ ਤਨਖਾਹ ਦਾ ਖਰਚਾ ਦੱਸਿਆ ਜੋ ਬਹੁਤ ਘੱਟ ਹੈ। ਇਸ ਸੰਬੰਧੀ ਬੀਮਾ ਵਿਭਾਗ ਨੇ ਪਾਇਆ ਕਿ ਲਗਭਗ 1,436,387 ਡਾਲਰ ਦੀ ਤਨਖਾਹ ਦਾ ਵੇਰਵਾ ਖਰਚਿਆਂ ਵਿੱਚ ਨਹੀਂ ਦਿੱਤਾ ਗਿਆ ਹੈ ਅਤੇ ਟਰੱਸਟ ਟ੍ਰਾਂਸਪੋਰਟ ਦੀਆਂ ਬੀਮਾ ਕੰਪਨੀਆਂ ਨੂੰ ਇਸ ਆਮਦਨੀ ਦੀ ਰਿਪੋਰਟ ਵੀ ਨਹੀਂ ਦਿੱਤੀ ਜਾ ਰਹੀ ਸੀ ਜਿਸ ਕਰਕੇ ਬੀਮਾ ਪਾਲਿਸੀਆਂ ਦੇ ਘੱਟ ਪ੍ਰੀਮੀਅਮ ਭੁਗਤਾਨ ਕੀਤੇ ਜਾ ਰਹੇ ਸਨ। ਇਸ ਕਰਕੇ ਬੀਮਾ ਕੰਪਨੀਆਂ ਨੂੰ ਕਾਫੀ ਘਾਟਾ ਝੱਲਣਾਂ ਪਿਆ ਹੈ। ਸਿੰਘ ਅਤੇ ਕੌਰ ਦੋਵੇਂ ਨੇ ਸੈਕਰਾਮੈਂਟੋ ਸੁਪੀਰੀਅਰ ਕਾਉਂਟੀ ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ ਜ਼ਿਲ੍ਹਾ ਅਟਾਰਨੀ ਦਾ ਦਫ਼ਤਰ ਇਸ ਕੇਸ ਦੀ ਪੈਰਵਾਈ ਕਰ ਰਿਹਾ ਹੈ।

ਮੁੱਖ ਖਬਰਾਂ