ਡੀਬੇਟ ਕਮਿਸ਼ਨ ਬਹਿਸ ਦੌਰਾਨ ਰੁਕਾਵਟਾਂ ਨੂੰ ਰੋਕਣ ਲਈ ਕਰੇਗਾ ਰਾਸ਼ਟਰਪਤੀ ਪਦ ਲਈ ਉਮੀਦਵਾਰਾਂ ਦੇ ਮਾਈਕ੍ਰੋਫੋਨ ਬੰਦ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ) 20 ਅਕਤੂਬਰ 2020-- ਅਮਰੀਕਾ ਵਿੱਚ ਇਸ ਵੇਲੇ ਰਾਸ਼ਟਰਪਤੀ ਪਦ ਲਈ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਪਦ ਦੇ ਉਮੀਦਵਾਰ ਚੋਣ ਮੁਹਿੰਮਾਂ ਵਿੱਚ ਪੂਰਾ ਜ਼ੋਰ ਲਗਾ ਰਹੇ ਹਨ। ਇਹਨਾਂ ਮੁਹਿੰਮਾਂ ਦੌਰਾਨ ਇਸ ਪਦ ਦੇ ਉਮੀਦਵਾਰਾਂ ਵਿਚਕਾਰ ਬਹਿਸ ਹੋਣਾ ਵੀ ਇੱਕ ਮਹੱਤਵਪੂਰਨ ਭਾਗ ਹੈ। ਕਈ ਬਾਰ ਬਹਿਸ ਦੌਰਾਨ ਰਕਾਵਟਾਂ ਪੈਦਾ ਹੋ ਜਾਂਦੀਆਂ ਹਨ ਜਿਸ ਕਰਕੇ ਇਹ ਪ੍ਰਕਿਰਿਆ ਸਫਲ ਨਹੀਂ ਹੁੰਦੀ। ਪਰ ਹੁਣ ਰਾਸ਼ਟਰਪਤੀ ਦੇ ਬਹਿਸਾਂ ਬਾਰੇ ਕਮਿਸ਼ਨ ਨੇ ਸੋਮਵਾਰ ਨੂੰ ਇਕ ਫੈਸਲੇ ਵਿਚ ਐਲਾਨ ਕੀਤਾ ਹੈ ਕਿ ਇਸ ਵਾਰ ਦੇ ਉਮੀਦਵਾਰ ਸਾਬਕਾ ਉਪ ਰਾਸ਼ਟਰਪਤੀ ਜੋਏ ਬਿਡੇਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ ਰਾਤ ਨੂੰ ਦੂਜੀ ਅਤੇ ਅੰਤਮ ਰਾਸ਼ਟਰਪਤੀ ਬਹਿਸ ਦੇ ਕੁਝ ਹਿੱਸਿਆਂ ਦੌਰਾਨ ਆਪਣੇ ਮਾਈਕ੍ਰੋਫੋਨ ਬੰਦ ਕਰਾਉਣਗੇ। ਇਹ ਫੈਸਲਾ ਸੋਮਵਾਰ ਦੁਪਹਿਰ ਬਾਅਦ ਨਿਯਮਾਂ ਵਿੱਚ ਤਬਦੀਲੀਆਂ ਬਾਰੇ ਵਿਚਾਰ ਵਟਾਂਦਰੇ ਲਈ ਕਮਿਸ਼ਨ ਦੀ ਮੁਲਾਕਾਤ ਤੋਂ ਬਾਅਦ ਆਇਆ ਹੈ।ਕਮਿਸ਼ਨ ਅਨੁਸਾਰ ਇਹਨਾਂ ਤਬਦੀਲੀਆਂ ਦੀ ਜ਼ਰੂਰਤ ਸੀ ਕਿਉਂਕਿ ਬਿਡੇਨ ਅਤੇ ਟਰੰਪ ਵਿਚਲੀ ਪਹਿਲੀ ਬਹਿਸ ਹਫੜਾ-ਦਫੜੀ ਵਿਚ ਬਦਲ ਗਈ ਸੀ ਜਿਸ ਵਿੱਚ ਰਾਸ਼ਟਰਪਤੀ ਦੁਆਰਾ ਸਾਬਕਾ ਉਪ ਰਾਸ਼ਟਰਪਤੀ ਦੀ ਗੱਲ ਵਿੱਚ ਵਿਘਨ ਪਾਇਆ ਗਿਆ ਸੀ। ਕਮਿਸ਼ਨ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਮਾਈਕ੍ਰੋਫੋਨਾਂ ਨੂੰ ਮਿਊਟ ਕਰਨ ਦੇ ਫੈਸਲੇ ਵਿੱਚ ਇਸਦੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਨਵੇਂ ਨਿਯਮ ਤਹਿਤ ਬਹਿਸ ਦੇ ਛੇ ਭਾਗਾਂ ਵਿਚੋਂ ਹਰੇਕ ਦੀ ਸ਼ੁਰੂਆਤ ਵਿਚ, ਹਰੇਕ ਉਮੀਦਵਾਰ ਨੂੰ ਸ਼ੁਰੂਆਤੀ ਪ੍ਰਸ਼ਨ ਦਾ ਉੱਤਰ ਦੇਣ ਲਈ ਦੋ ਮਿੰਟ ਦਿੱਤੇ ਜਾਣਗੇ ਅਤੇ ਉਸ ਹਿੱਸੇ ਦੌਰਾਨ ਵਿਰੋਧੀ ਉਮੀਦਵਾਰ ਦਾ ਮਾਈਕ੍ਰੋਫੋਨ ਮਿਊਟ ਕਰ ਦਿੱਤਾ ਜਾਵੇਗਾ। ਬਹਿਸ ਕਮਿਸ਼ਨ ਨੇ ਇਸ ਫੈਸਲੇ ਬਾਰੇ ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਕੋਲੋਂ ਸਹਿਯੋਗ ਦੀ ਉਮੀਦ ਕੀਤੀ ਹੈ।

ਮੁੱਖ ਖਬਰਾਂ