ਅਮਰੀਕਾ ਦੀ ਸੀ ਡੀ ਸੀ ਸੰਸਥਾ ਨੇ ਹਵਾਈ ਜਹਾਜ਼ਾਂ, ਰੇਲ ਗੱਡੀਆਂ ਆਦਿ 'ਤੇ ਮਾਸਕ ਪਾਉਣ ਸੰਬੰਧੀ ਜ਼ਾਰੀ ਕੀਤੀਆਂ ਸਖ਼ਤ ਹਦਾਇਤਾਂ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ)20 ਅਕਤੂਬਰ 2020-- ਕੋਰੋਨਾਂ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਉਸ ਨਾਲ ਸੰਬੰਧਿਤ ਸਾਵਧਾਨੀਆਂ ਵਰਤਣੀਆਂ ਬਹੁਤ ਜਰੂਰੀ ਹਨ। ਕਿਉਂਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਇਸ ਲਈ ਜਨਤਕ ਥਾਵਾਂ ਤੇ ਮਾਸਕ ਦੁਆਰਾ ਮੂੰਹ ਢਕਣਾ ਇਸ ਤੇ ਕਾਬੂ ਪਾਉਣ ਲਈ ਮੁੱਢਲੀ ਜਰੂਰਤ ਹੈ। ਇਸ ਲਈ ਅਮਰੀਕਾ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਲਈ ਸੈਂਟਰ (ਸੀ ਡੀ ਸੀ ) ਨੇ ਸੋਮਵਾਰ ਨੂੰ ਇਕ "ਸਖਤ ਸਿਫਾਰਸ਼" ਜਾਰੀ ਕੀਤੀ ਹੈ ਕਿ ਹਵਾਈ ਜਹਾਜ਼ਾਂ, ਰੇਲ ਗੱਡੀਆਂ, ਸਬਵੇਅ, ਬੱਸਾਂ, ਟੈਕਸੀਆਂ ਅਤੇ ਸਵਾਰੀਆਂ ਵਾਲੇ ਵਾਹਨਾਂ 'ਤੇ ਸਾਰੇ ਯਾਤਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਮਾਸਕ ਪਹਿਨਣੇ ਚਾਹੀਦੇ ਹਨ। ਇਨ੍ਹਾਂ ਹਦਾਇਤਾਂ ਵਿੱਚ ਖਾਸ ਕਰਕੇ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਵਰਗੇ ਆਵਾਜਾਈ ਦੇ ਕੇਂਦਰਾਂ ਤੇ ਚਿਹਰੇ ਨੂੰ ਢਕਣ ਦੀ ਮੰਗ ਵੀ ਕੀਤੀ ਗਈ ਹੈ। ਸੀ ਡੀ ਸੀ ਅਨੁਸਾਰ ਆਵਾਜਾਈ ਦੇ ਸਾਧਨਾਂ 'ਤੇ ਮਾਸਕ ਦੀ ਵਿਆਪਕ ਅਤੇ ਰੋਜ਼ਾਨਾ ਵਰਤੋਂ ਅਮਰੀਕੀ ਲੋਕਾਂ ਦੀ ਰੱਖਿਆ ਕਰੇਗੀ ਅਤੇ ਭਰੋਸਾ ਵੀ ਦਿਵਾਏਗੀ ਕਿ ਲੋਕ ਇਸ ਮਹਾਂਮਾਰੀ ਦੇ ਦੌਰਾਨ ਵੀ ਇਕ ਵਾਰ ਫਿਰ ਵਧੇਰੇ ਸੁਰੱਖਿਅਤ ਯਾਤਰਾ ਕਰ ਸਕਦੇ ਹਨ। ਇਸ ਸੰਬੰਧ ਵਿੱਚ ਵ੍ਹਾਈਟ ਹਾਊਸ ਨੇ ਜੁਲਾਈ ਵਿੱਚ ਇੱਕ ਬਿੱਲ ਦਾ ਵਿਰੋਧ ਕੀਤਾ ਸੀ ਜਿਸ ਵਿੱਚ ਸਾਰੀਆਂ ਏਅਰਲਾਈਨਾਂ, ਰੇਲਗੱਡੀਆਂ ਅਤੇ ਜਨਤਕ ਆਵਾਜਾਈ ਦੇ ਯਾਤਰੀਆਂ ਅਤੇ ਕਰਮਚਾਰੀਆਂ ਨੂੰ ਮਾਸਕ ਪਹਿਨਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਵ੍ਹਾਈਟ ਹਾਊਸ ਨੇ ਸੀ ਡੀ ਸੀ ਦੀ ਸਿਫਾਰਸ਼ 'ਤੇ ਕੋਈ ਟਿੱਪਣੀ ਨਹੀਂ ਕੀਤੀ ਸੀ ਕਿਉਂਕਿ ਇਸਦੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਅਨੁਸਾਰ ਇਸ ਕਾਨੂੰਨ ਵਿੱਚ ਬਹੁਤ ਜ਼ਿਆਦਾ ਪਾਬੰਦੀਆਂ ਸਨ। ਜਦਕਿ ਹੁਣ ਸੰਯੁਕਤ ਰਾਜ ਦੀ ਟ੍ਰੈਵਲ ਐਸੋਸੀਏਸ਼ਨ ਨੇ ਸੀ ਡੀ ਸੀ ਦੇ ਇਨ੍ਹਾਂ ਨਿਰਦੇਸ਼ਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਯਾਤਰਾ ਤੋਂ ਬਿਨਾਂ ਆਰਥਿਕਤਾ ਅਤੇ ਨੌਕਰੀਆਂ ਦੀ ਮੁੜ ਪ੍ਰਾਪਤ ਨਹੀਂ ਹੋ ਸਕਦੀ ਇਸ ਲਈ ਮਾਸਕ ਪਹਿਨਣੇ ਅਤੇ ਹੋਰ ਸਫਾਈ ਦੇ ਉਪਾਅ ਕਰਨੇ ਬਹੁਤ ਜਰੂਰੀ ਹਨ।

ਮੁੱਖ ਖਬਰਾਂ