ਸਕਾਟਲੈਂਡ ਵਿੱਚ ਲੱਗੇਗਾ ਤਿੰਨ ਹਫਤਿਆਂ ਦਾ ਟੀਅਰ 4 ਲਾਕਡਾਉਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਿਸ਼ ਲੋਕਾਂ ਨੂੰ ਵਾਇਰਸ ਦੇ ਵਧ ਰਹੇ ਪ੍ਰਭਾਵ ਤੋਂ ਬਚਾਉਣ ਅਤੇ ਇਸਦੀ ਲਾਗ ਨੂੰ ਘੱਟ ਕਰਨ ਲਈ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਪੁਸ਼ਟੀ ਕੀਤੀ ਹੈ ਕਿ ਸਕਾਟਲੈਂਡ ਵਿੱਚ ਤਿੰਨ ਹਫ਼ਤਿਆਂ ਲਈ ਟੀਅਰ 4 ਤਾਲਾਬੰਦੀ ਨੂੰ ਲਾਗੂ ਕੀਤਾ ਜਾਵੇਗਾ। ਪਹਿਲੀ ਮੰਤਰੀ ਨੇ ਕੱਲ੍ਹ ਖੁਲਾਸਾ ਕੀਤਾ ਕਿ ਖੇਤਰ ਦੀਆਂ 11 ਕੌਂਸਲਾਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਇੱਕ "ਸਖਤ ਸੀਮਤ ਸਮਾਂ ਸੀਮਾ" ਲਈ ਲੈਵਲ ਤਿੰਨ ਤੋਂ ਲੈਵਲ ਚਾਰ ਵਿੱਚ ਚਲੀਆਂ ਜਾਣਗੀਆਂ। ਇਹ ਤਾਲਾਬੰਦੀ ਗਲਾਸਗੋ, ਰੇਨਫ੍ਰੈਸ਼ਾਇਰ, ਈਸਟ ਰੇਨਫ੍ਰੈਸ਼ਾਇਰ, ਈਸਟ ਡਨਬਰਟਨਸ਼ਾਇਰ, ਵੈਸਟ ਡਨਬਰਟਨਸ਼ਾਇਰ, ਨਾਰਥ ਲੈਨਰਾਕਸ਼ਾਇਰ, ਸਾਊਥ ਲੈਂਕਰਸ਼ਾਇਰ, ਈਸਟ ਅਰਸ਼ਾਇਰ, ਸਾਊਥ ਅਰਸ਼ਾਇਰ, ਸਟਰਲਿੰਗ ਅਤੇ ਵੈਸਟ ਲੋਥਿਅਨ ਆਦਿ ਖੇਤਰਾਂ ਦੇ ਲਗਭੱਗ 2.3 ਮਿਲੀਅਨ ਵਾਸੀਆਂ ਨੂੰ 11 ਦਸੰਬਰ ਤੱਕ ਪ੍ਰਭਾਵਿਤ ਕਰੇਗੀ। ਇਹਨਾਂ ਸਾਰੇ ਖੇਤਰਾਂ ਵਿੱਚ ਤਾਲਾਬੰਦੀ ਦੌਰਾਨ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬੰਦ ਹੋਣਗੀਆਂ ,ਇਸਦੇ ਨਾਲ ਹੀ ਜਿਮ ਅਤੇ ਸਲੂਨ ਆਦਿ ਨੂੰ ਵੀ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਆਦਾ ਕੋਵਿਡ ਕੇਸ ਲਿਆਉਣ ਲਈ ਬਾਰ ਅਤੇ ਰੈਸਟੋਰੈਂਟ ਵੀ ਬੰਦ ਕੀਤੇ ਜਾਣਗੇ ਜਦਕਿ ਇਸ ਦੌਰਾਨ ਸਕੂਲ ਖੁੱਲ੍ਹੇ ਰਹਿਣਗੇ। ਸਰਕਾਰ ਵੱਲੋਂ ਇਹ ਫੈਸਲਾ ਵੱਧ ਹੋ ਰਹੇ ਕੇਸਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਕਿਉਂਕਿ ਹੋਰ 39 ਸਕਾਟਿਸ਼ ਵਾਸੀਆਂ ਦੀ ਰਾਤੋ ਰਾਤ ਮੌਤ ਹੋ ਗਈ ਸੀ ਜਿਸ ਨਾਲ, ਸਕਾਟਲੈਂਡ ਵਿੱਚ ਕੋਰੋਨਾਂ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,323 ਹੋ ਗਈ ਹੈ।

ਮੁੱਖ ਖਬਰਾਂ