ਇਕਲੌਤੇ ਪੁੱਤ ਦਾ ਵਿਛੋੜਾ ਨਾ ਸਹਾਰ ਸਕੀ ਮਾਂ, ਮੌਤ ਦੇ ਦੋ ਦਿਨਾਂ ਬਾਅਦ ਹੀ ਸਦਮੇ ’ਚ ਤੋੜਿਆ ਦਮ

ਨੂਰਪੁਰਬੇਦੀ, ( ਕੁਲਵਿੰਦਰ ਸਿੰਘ ਚੰਦੀ ) :- ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਦਰਦ ਨਾ ਸਹਾਰਦਿਆਂ ਦੋ ਦਿਨਾਂ ਬਾਅਦ ਅੱਜ ਸਵੇਰੇ ਉਸ ਦੀ ਬਜ਼ੁਰਗ ਮਾਂ ਨੇ ਵੀ ਤੋੜਿਅਾ ਦਮ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਖੇਤਰ ਦੇ ਪਿੰਡ ਸਸਕੌਰ ਦੇ ਇਕ 35 ਸਾਲਾ ਨੌਜਵਾਨ ਅਸ਼ਵਨੀ ਕੁਮਾਰ ਪੁੱਤਰ ਕਮਲ ਕੁਮਾਰ ਦੀ ਪਿੰਡ ਲਖਣੋਂ ਲਾਗੇ ਕਾਰ ਦੀ ਟੱਕਰ ਲੱਗਣ ਨਾਲ ਵਾਪਰੇ ਹਾਦਸੇ ’ਚ ਨੋਜਵਾਨ ਦੀ ਮੌਤ ਹੋ ਗਈ ਸੀ। ਅਗਲੇ ਹੀ ਦਿਨ ਸਵੇਰ ਨੂੰ ਜਦੋਂ ਮਾਤਾ ਸਰੋਜ ਰਾਣੀ (60) ਨੇ ਆਪਣੇ ਇਕਲੌਤੇ ਪੁੱਤਰ ਦੀ ਮੌਤ ਦੀ ਖਬਰ ਸੁਣੀ ਤਾਂ ਡੂੰਘੇ ਸਦਮੇ ’ਚ ਆ ਗਈ। ਡੂੰਘੇ ਸਦਮੇ ’ਚ ਆ ਜਾਣ ਕਰਕੇ ਉਸ ਦੀ ਮਾਤਾ ਦੀ ਦਿਮਾਗ ਦੀ ਨਾੜੀ ਫਟ ਜਾਣ ਤੋਂ ਬਾਅਦ ਉਸ ਨੂੰ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਇਲਾਜ਼ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸਰੋਜ ਰਾਣੀ ਦੇ ਕੌਮਾ ’ਚ ਚਲੇ ਜਾਣ ’ਤੇ ਪੀ. ਜੀ. ਆਈ. ਦੇ ਡਾਕਟਰਾਂ ਵੱਲੋਂ ਇਲਾਜ਼ ’ਚ ਅਸਮਰਥਾ ਜ਼ਾਹਰ ਕਰਦੇ ਉਸ ਦੀ ਸੇਵਾ ਕਰਨ ਲਈ ਕਿਹਾ ਗਿਆ। ਇਸ ’ਤੇ ਸਰੋਜ ਰਾਣੀ ਦੇ ਪਰਿਵਾਰਕ ਮੈਂਬਰ ਉਸ ਨੂੰ ਵਾਪਸ ਘਰ ਲੈ ਆਏ। ਆਪਣੇ ਇਕਲੌਤੇ ਪੁੱਤਰ ਦੀ ਮੌਤ ਦੇ ਗਹਿਰੇ ਸਦਮੇ ’ਚੋਂ ਗੁਜ਼ਰ ਰਹੀ ਬਜ਼ੁਰਗ ਸਰੋਜ ਰਾਣੀ ਦੀ ਵੀ 2 ਦਿਨਾਂ ਬਾਅਦ ਅੱਜ ਸਵੇਰੇ ਮੌਤ ਹੋ ਗਈ। ਇਕਲੌਤੇ ਪੁੱਤਰ ਦਾ ਸੰਸਕਾਰ ਹੋਣ ਤੋਂ ਇਕ ਦਿਨ ਬਾਅਦ ਹੀ ਅੱਜ ਉਸ ਦੀ ਮਾਤਾ ਦਾ ਵੀ ਪਿੰਡ ’ਚ ਹੀ ਸੰਸਕਾਰ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਪਿੰਡ ’ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਘਰ ’ਚ ਕੋਈ ਵੀ ਜੀਅ ਕਮਾਉਣ ਵਾਲਾ ਨਹੀਂ ਰਿਹਾ ਮਿ੍ਰਤਕ ਨੌਜਵਾਨ ਅਸ਼ਵਨੀ ਕੁਮਾਰ ਹਲਵਾਈ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਇਕੋ-ਇਕ ਸਹਾਰਾ ਸੀ। ਉਸ ਦੀ ਮਿਹਨਤ ਸਦਕਾ ਘਰ ਦੀ ਅਜੀਵਿਕਾ ਚੱਲਦੀ ਸੀ। ਪਿੰਡ ਵਾਸੀਆਂ ਅਨੁਸਾਰ ਉਸ ਦਾ ਬਜ਼ੁਰਗ ਪਿਤਾ ਕਮਲ ਕੁਮਾਰ ਪਹਿਲਾਂ ਹੀ ਇਕ ਮਾਨਸਿਕ ਰੋਗੀ ਹੈ ਜਦਕਿ ਘਰ ’ਚ ਹੁਣ ਮਿ੍ਰਤਕ ਅਸ਼ਵਨੀ ਕੁਮਾਰ ਜਿਸਦਾ 2 ਕੁ ਸਾਲ ਪਹਿਲਾਂ ਵਿਆਹ ਹੋਇਆ ਸੀ, ਦੀ ਵਿਧਵਾ ਪਤਨੀ ਅਤੇ 6 ਮਹੀਨੇ ਦਾ ਇਕ ਲੜਕਾ ਹੈ। ਇਸ ਦੇ ਚੱਲਦਿਆਂ ਘਰ ’ਚ ਕੋਈ ਵੀ ਜੀਅ ਕਮਾਉਣ ਵਾਲਾ ਨਹੀਂ ਬਚਿਆ, ਜਿਸ ਕਰਕੇ ਇਕੋ ਸਮੇਂ 2 ਜੀਆਂ ਦੀ ਮੌਤ ਹੋ ਜਾਣ ਨਾਲ ਉਕਤ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਮੁੱਖ ਖਬਰਾਂ