ਸਾਬਕਾ ਓਲੰਪਿਕ ਤੈਰਾਕ ਕਲੀਟ ਕੈਲਰ ਉੱਤੇ ਲੱਗੇ ਕੈਪੀਟਲ ਦੰਗਿਆਂ "ਚ ਸ਼ਾਮਿਲ ਹੋਣ ਦੇ ਦੋਸ਼

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆਂ), ਅਮਰੀਕਾ ਦੇ ਦੋ ਵਾਰ ਓਲੰਪਿਕ ਸੋਨ ਤਮਗਾ ਜੇਤੂ ਤੈਰਾਕ ਕਲੀਟ ਕੈਲਰ 'ਤੇ ਬੁੱਧਵਾਰ ਨੂੰ ਫੈਡਰਲ ਅਦਾਲਤ ਦੁਆਰਾ ਪਿਛਲੇ ਹਫਤੇ ਸੰਯੁਕਤ ਰਾਜ ਕੈਪੀਟਲ ਵਿੱਚ ਹੋਏ ਦੰਗਿਆਂ "ਚ ਹਿੱਸਾ ਲੈਣ ਦੇ ਦੋਸ਼ ਲਗਾਏ ਗਏ ਹਨ। 38 ਸਾਲਾ ਕੈਲਰ 'ਤੇ ਵਾਸ਼ਿੰਗਟਨ, ਡੀ.ਸੀ. ਵਿੱਚ ਕਾਨੂੰਨੀ ਅਧਿਕਾਰ ਲਾਗੂ ਕਰਨ ਵਿਚ ਰੁਕਾਵਟ ਪਾਉਣ, ਕਾਨੂੰਨੀ ਅਧਿਕਾਰਾਂ ਤੋਂ ਬਿਨਾਂ ਕਿਸੇ ਅਪਰਾਧਿਕ ਵਿਵਸਥਾ ਵਿੱਚ ਜਾਣ ਬੁੱਝ ਕੇ ਦਾਖਲ ਹੋਣ ਦੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਦੇ ਸੰਬੰਧ ਵਿੱਚ ਟਾਊਨ ਹਾਲ ਮੀਡੀਆ ਦੇ ਇੱਕ ਰਿਪੋਰਟਰ ਦੁਆਰਾ ਟਵਿੱਟਰ 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕੈਲਰ ਨੂੰ ਕੈਪੀਟਲ ਦੇ ਅੰਦਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਲਿਸ ਨੂੰ ਧੱਕ ਰਹੇ ਸਮਰਥਕਾਂ ਦੇ ਸਮੂਹ ਨਾਲ ਦਿਖਾਇਆ ਗਿਆ ਹੈ ਅਤੇ ਇਸ ਵਿੱਚ ਕੈਲਰ "ਯੂ ਐਸ ਏ" ਅੱਖਰਾਂ ਵਾਲੀ ਇੱਕ ਜੈਕਟ ਪਾਏ ਹੋਏ ਦੇਖਿਆ ਗਿਆ ਸੀ। ਸੰਯੁਕਤ ਰਾਜ ਦੇ ਓਲੰਪਿਕ ਅਤੇ ਪੈਰਾਲੰਪਿਕ ਕਮੇਟੀ ਦੀ ਸੀ.ਈ.ਓ, ਸਾਰਾ ਹਰਸ਼ਲੈਂਡ ਨੇ ਦੋਸ਼ ਲਾਏ ਜਾਣ ਤੋਂ ਪਹਿਲਾਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਇਸ ਬਾਰੇ ਸੰਗਠਨ ਤੈਅ ਕਰੇਗਾ ਕਿ ਕੈਲਰ ਵਿਰੁੱਧ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਦਕਿ ਕੈਲਰ ਨੇ ਕੈਪੀਟਲ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕੈਲਰ, ਜੋ ਅਮਰੀਕੀ ਚੈਪੀਅਨ ਮਾਈਕਲ ਫੈਲਪਜ਼ ਦਾ ਸਾਥੀ ਸੀ, ਯੂ ਐਸ ਏ ਦੀਆਂ ਤਿੰਨ ਓਲੰਪਿਕ ਟੀਮਾਂ ਦਾ ਮੈਂਬਰ ਸੀ। ਕੈਲਰ ਨੇ ਪਹਿਲਾਂ 2004 "ਚ ਏਥਨਜ਼ ਵਿੱਚ 4x200 ਮੀਟਰ ਦੀ ਰਿਲੇਅ ਟੀਮ ਮੁਕਾਬਲੇ ਅਤੇ ਫਿਰ 2008 ਵਿੱਚ ਬੀਜਿੰਗ "ਚ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਉਸਨੇ 2000 ਵਿੱਚ ਸਿਡਨੀ ਓਲੰਪਿਕ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਯੂ ਐਸ ਏ ਸਵਿਮਿੰਗ ਸੰਸਥਾ ਨੇ ਦੱਸਿਆ ਕਿ ਕੈਲਰ ਆਖਰੀ ਵਾਰ 2008 ਵਿੱਚ ਮੈਂਬਰ ਵਜੋਂ ਰਜਿਸਟਰ ਹੋਇਆ ਸੀ ਅਤੇ ਖੇਡਾਂ ਨੂੰ ਛੱਡਣ ਤੋਂ ਬਾਅਦ, ਕੈਲਰ ਨੇ ਕੋਲੋਰਾਡੋ ਸਪ੍ਰਿੰਗਜ਼ ਵਿੱਚ ਇੱਕ ਰੀਅਲ ਅਸਟੇਟ ਏਜੰਸੀ ਹਾਫ ਐਂਡ ਲੇਅ ਲਈ ਠੇਕੇਦਾਰ ਵਜੋਂ ਕੰਮ ਕੀਤਾ। ਵਾਸ਼ਿੰਗਟਨ ਵਿਚ ਸੰਯੁਕਤ ਰਾਜ ਦੇ ਕਾਰਜਕਾਰੀ ਅਟਾਰਨੀ, ਮਾਈਕ ਸ਼ੈਰਵਿਨ ਅਨੁਸਾਰ ਕੇਂਦਰੀ ਅਤੇ ਸਥਾਨਕ ਜਾਂਚਕਰਤਾ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਭਾਲ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

ਮੁੱਖ ਖਬਰਾਂ