ਭਾਜਪਾ ਨੁੰ ਮਾਲਵਾ 'ਚ ਵੱਡਾ ਝਟਕਾ, ਭਾਜਪਾ ਦੇ 10 ਸੀਨੀਅਰ ਆਗੂ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਸ਼ਾਮਲ

ਆਉਂਦੇ ਦਿਨਾਂ ਵਿਚ ਹੋਰ ਭਾਜਪਾ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਣਗੇ : ਸੁਖਬੀਰ ਬਾਦਲ ਬਠਿੰਡਾ, 15 ਜਨਵਰੀ (ਸੰਜੀਵ ਮੁੱਲਾਪੁਰ) ਭਾਰਤੀ ਜਨਤਾ ਪਾਰਟੀ ਨੁੰ ਅੱਜ ਮਾਲਵਾ ਖਿੱਤੇ ਵਿਚ ਉਦੋਂ ਵੱਡਾ ਝਟਕਾ ਲੱਗ ਜਦੋਂ ਇਸਦੇ 10 ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੇ ਹਮਾਇਤ ਵੀ ਛੇਤੀ ਹੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ ਅਤੇ ਉਹ ਇਸ ਸਬੰਧੀ ਛੇਤੀ ਹੀ ਸਮਾਗਮ ਕਰਨਗੇ। ਭਾਜਪਾ ਦੇ ਪ੍ਰਮੁੱਖ ਆਗੂ ਜੋ ਅੱਜ ਅਕਾਲੀ ਦਲ ਵਿਚ ਸ਼ਾਮਲ ਹੋਏ ਉਹਨਾਂ ਵਿਚ ਕਿਸਾਨ ਮੋਰਚਾ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ, ਮਾਨਸਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਫਰਮਾਹੀ, ਬਲਕਾਰ ਸਿੰਘ ਸਹੋਤਾ, ਜਗਤਾਰ ਸਿੰਘ ਤਾਰੀ ਸਾਬਕਾ ਜ਼ਿਲ੍ਹਾ ਪ੍ਰਧਾਨ ਐਸ ਸੀ ਮੋਰਚਾ, ਸੁਰਜੀਤ ਕੌਰ ਸਾਬਕਾ ਪ੍ਰਧਾਨ ਮਹਿਲਾ ਮੋਰਚਾ ਜ਼ਿਲ੍ਹਾ ਮਾਨਸਾ, ਰਾਜਿੰਦਰ ਕੁਮਾਰ ਰਾਜੀ, ਬਲਜੀਤ ਸਿੰਘ ਚਹਿਲ, ਬਹਾਦਰ ਖਾਨ, ਰਵਿੰਦਰ ਕੁਮਾਰ ਸ਼ਰਮਾ ਅਤੇ ਬਘੇਲ ਸਿੰਘ ਬੀ ਸੀ ਮੋਰਚਾ ਮੈਂਬਰ ਸ਼ਾਮਲ ਹਨ। ਅਕਾਲੀ ਦਲ ਵਿਚ ਸ਼ਾਮਲ ਹੁੰਦਿਆਂ ਇਹਨਾਂ ਨੇ ਇਕ ਆਵਾਜ਼ ਵਿਚ ਕਿਹਾ ਕਿ ਉਹਨਾਂ ਨੇ ਫੈਸਲਾ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਵਜੋਂ ਲਿਆ ਹੈ। ਬਲਵਿੰਦਰ ਸਿੰਘ ਤੇ ਸ੍ਰੀ ਸੁਖਦੇਵ ਸਿੰਘ ਫਰਮਾਹੀ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਭਾਜਪਾ ਦੀ ਸੂਬਾਈ ਇਕਾਈ ਨੁੰ ਚੌਕਸ ਕੀਤਾ ਸੀ ਕਿ ਜੇਕਰ ਇਹ ਕਿਸਾਨ ਵਿਰੋਧੀ ਕਦਮ ਵਾਪਸ ਨਾ ਲਿਆ ਗਿਆ ਤਾਂ ਫਿਰ ਪਿੰਡਾਂ ਵਿਚ ਪਾਰਟੀ ਦਾ ਕੋਈ ਵੀ ਵਰਕਰ ਨਹੀਂ ਰਹੇਗਾ। ਉਹਨਾਂ ਕਿਹਾ ਕਿ ਪਾਰਟੀ ਨੇ ਉਹਨਾਂ ਦੀ ਸਲਾਹ ਮੰਨਣ ਤੋਂ ਇਨਕਾਰ ਹੀ ਨਹੀਂ ਕੀਤਾ ਬਲਕਿ ਸਾਨੂੰ ਇਹ ਵੀ ਆਖਿਆ ਕਿ ਉਹ ਨਫਰਤ ਭਰੇ ਇਹ ਖੇਤੀ ਕਾਨੂੰਨਾਂ ਦੀ ਡਟਵੀਂ ਹਮਾਇਤ ਕਰਨ ਜਿਸ ਕਾਰਨ ਅਸੀਂ ਫੈਸਲਾ ਕੀਤਾ ਕਿ ਅਸੀਂ ਜ਼ਮੀਰ ਦੀ ਆਵਾਜ਼ ਸੁਣਾਂਗੇ ਅਤੇ ਇਸ ਲਈ ਅਸੀਂ ਉਹ ਪਾਰਟੀ ਛੱਡ ਦਿੱਤੀ ਜੋ ਅਸੀਂ ਪੰਜਾਬ ਵਿਚ ਆਪਣੇ ਹੱਥੀਂ ਖੜ੍ਹੀ ਕੀਤੀ ਸੀ। ਉਹਨਾਂ ਕਿਹਾ ਕਿ ਹੁਣ ਅਸੀਂ ਕਿਸਾਨ ਅੰਦੋਲਨ ਅਤੇ ਸ਼੍ਰੋਮਣੀ ਅਕਾਲੀ ਦਲ ਨੁੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਦਫਤਰ ਵਿਚ ਪਾਰਟੀ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਇਹਨਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਜ਼ਿਲ੍ਹੇ ਵਿਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਉਹਨਾਂ ਨੇ ਇਹਨਾਂ ਨੂੰ ਭਰੋਸਾ ਦੁਆਇਆ ਕਿ ਪਾਰਟੀ ਵਿਚ ਇਹਨਾਂ ਨੂੰ ਬਣਦਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਭਾਜਪਾ ਨੂੰ ਇਕ ਹੋਰ ਝਟਗਾ ਵੱਜੇਗਾ ਜਦੋਂ ਇਸਦੇ ਮਾਲਵਾ ਤੋਂ ਅਨੇਕਾਂ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਨਕਈ, ਦਿਲਰਾਜ ਸਿੰਘ ਭੂੰਦੜ, ਡਾ. ਨਿਸ਼ਾਨ ਸਿੰਘ, ਸਰੂਪ ਚੰਦ ਸਿੰਗਲਾ ਤੇ ਬਲਕਾਰ ਸਿੰਘ ਵੀ ਹਾਜ਼ਰ ਸਨ।

ਮੁੱਖ ਖਬਰਾਂ