ਕਾਲੇ ਕਾਨੂੰਨ ਵਾਪਸ ਲੈਣ ਦੇ ਬਦਲੇ ਹੋਰ ਕਿੰਨੇ ਕਿਸਾਨਾਂ ਦੀ ਜਾਨ ਲੈਣਾ ਚਾਹੁੰਦੇ ਨੇ ਮੋਦੀ : ਭਗਵੰਤ ਮਾਨ

*...ਮੋਦੀ ਦੇ ਅੜੀਅਲ ਰਵੱਈਏ ਕਾਰਨ ਹਰ ਮੀਟਿੰਗ ਹੋਈ ਅਸਫ਼ਲ ਮਾਨ *ਚੰਡੀਗੜ੍ਹ, 15 ਜਨਵਰੀ (ਸੰਜੀਵ ਮੁੱਲਾਪੁਰ) ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ 9ਵੇਂ ਗੇੜ੍ਹ ਦੀ ਮੀਟਿੰਗ ਅਸਫਲ ਰਹਿਣ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਮੀਟਿੰਗ 'ਚ ਕੋਈ ਹੱਲ ਨਾ ਨਿਕਲਣਾ ਮੋਦੀ ਦੇ ਅੜੀਅਲ ਰਵੱਈਏ ਦਾ ਨਤੀਜਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਮੰਗ ਲਈ 50 ਦਿਨਾਂ ਤੋੰ ਧਰਨੇ ਉੱਤੇ ਬੈਠੇ ਕਿਸਾਨਾਂ ਨੇ ਆਪਣੇ ਸਵਾ ਸੌ ਦੇ ਕਰੀਬ ਸਾਥੀਆਂ ਨੂੰ ਗਵਾ ਦਿੱਤਾ ਹੈ, ਪ੍ਰਧਾਨ ਮੰਤਰੀ ਜੀ ਅਜੇ ਹੋਰ ਕਿੰਨੇ ਕੁ ਲੋਕਾਂ ਦੀ ਜਾਨ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਦੁਖਦਾਈ ਹੈ ਕਿ ਰੋਜ਼ਾਨਾ ਦਿੱਲੀ ਦੇ ਬਾਰਡਰ ਤੋਂ ਦੇਸ਼ ਦੇ ਅੰਨਦਾਤਾ ਦੀ ਲਾਸ਼ਾਂ ਆ ਰਹੀਆਂ ਹਨ, ਪ੍ਰੰਤੂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਦਰਦ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤੇ ਦੀ ਬਿਲਕੁਲ ਸਿੱਧੀ ਤੇ ਸਪੱਸ਼ਟ ਮੰਗ ਹੈ ਕਿ ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਜੇਕਰ ਮੋਦੀ ਸਰਕਾਰ ਨੂੰ ਇਹ ਸਮਝ ਨਹੀਂ ਆਉਂਦੀ ਤਾਂ ਉਨ੍ਹਾਂ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਕਿਸਾਨ ਪਰੇਡ ਨੂੰ ਲੈ ਕੇ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅੰਦੋਲਨ ਨੂੰ ਬਦਨਾਮ ਕਰਨ ਲਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਲੋਕਾਂ ਦਾ ਪੇਟ ਭਰਨ ਲਈ ਦਿਨ ਰਾਤ ਖੇਤਾਂ 'ਚ ਮਿਹਨਤ ਕਰਦਾ ਹੈ, ਜਿਸ ਕਿਸਾਨ ਦਾ ਪੁੱਤਰ ਦੇਸ਼ ਦੀ ਸਰਹੱਦ ਉੱਤੇ ਰੱਖਿਆ ਕਰ ਰਿਹਾ ਹੈ ਅੱਜ ਉਸ ਨੂੰ ਹੀ ਮੋਦੀ ਸਰਕਾਰ ਬਦਨਾਮ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਬਜਾਏ ਸਿੱਧੀ ਤੇ ਸਪੱਸ਼ਟ ਮੰਗ ਨੂੰ ਮੰਨਦੇ ਹੋਏ ਤਿੰਨੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ।

ਮੁੱਖ ਖਬਰਾਂ