ਦੱਖਣੀ ਕੈਰੋਲਿਨਾ ਵਿੱਚ ਵੈਲੇਨਟਾਈਨ ਡੇਅ ਮੌਕੇ ਹੋਈ ਗੋਲੀਬਾਰੀ 'ਚ 1 ਦੀ ਮੌਤ, 4 ਜ਼ਖਮੀ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ): ਅਮਰੀਕਾ ਦੇ ਦੱਖਣੀ ਕੈਰੋਲਿਨਾ ਵਿੱਚ ਵੈਲਨਟਾਈਨ ਡੇਅ ਦੌਰਾਨ ਗੋਲੀਬਾਰੀ ਦੀਆਂ ਹੋਈਆਂ ਦੋ ਘਟਨਾਵਾਂ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਨਾਲ ਚਾਰ ਹੋਰ ਜਖਮੀ ਹੋਏ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਫਰਵਰੀ ਦੇ ਦਿਨ ਦੱਖਣੀ ਕੈਰੋਲਿਨਾ ਦੇ ਦੋ ਮਾਲਾਂ ,ਜਿਹਨਾਂ ਵਿੱਚ ਇਕ ਫੀਨਿਕਸ ਅਤੇ ਦੂਸਰਾ ਉੱਤਰੀ ਚਾਰਲਸਟਨ 'ਚ ਹੈ, ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਸੰਬੰਧੀ ਫੀਨਿਕਸ ਵਿੱਚ, ਪੁਲਿਸ ਨੂੰ ਦਿਨ ਦੇ ਕਰੀਬ 12:40 ਵਜੇ ਗੋਲੀ ਲੱਗਣ ਦੀ ਸੂਚਨਾ ਮਿਲਣ ਤੇ ਕਾਰਵਾਈ ਕਰਦਿਆਂ ਡੀਜ਼ਰਟ ਸਕਾਈ ਮਾਲ ਦੇ ਅੰਦਰ ਰਿਟੇਲ ਕਿਓਸਕ ਵਿੱਚ ਗੋਲੀ ਲੱਗੇ ਦੋ ਵਿਅਕਤੀਆਂ ਮਿਲੇ ਅਤੇ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲੀਬਾਰੀ ਤੋਂ ਪਹਿਲਾਂ ਇੱਕ ਗ੍ਰਾਹਕ ਅਤੇ ਕਿਓਸਕ ਕਰਮਚਾਰੀ ਵਿੱਚ ਬਹਿਸ ਹੋ ਗਈ ਸੀ।ਜਿਸ ਕਰਕੇ ਦੋਵੇਂ ਵਿਅਕਤੀਆਂ ਨੇ ਇੱਕ ਦੂਜੇ ਉੱਪਰ ਗੋਲੀਬਾਰੀ ਕੀਤੀ। ਪੁਲਿਸ ਅਧਿਕਾਰੀ ਵਿਲੀਅਮਜ਼ ਅਨੁਸਾਰ ਦੋਵਾਂ ਵਿਅਕਤੀਆਂ ਨੂੰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਨੌਜਵਾਨ, ਦੀ ਬਾਅਦ ਵਿਚ ਮੌਤ ਹੋ ਗਈ। ਇਸਦੇ ਇਲਾਵਾ ਗੋਲੀਬਾਰੀ ਦੀ ਦੂਜੀ ਘਟਨਾ ਵਿੱਚ ਅਧਿਕਾਰੀ ਨਾਰਥਵੁੱਡਜ਼ ਮਾਲ ਦੇ ਅੰਦਰ ਤਿੰਨ ਲੋਕਾਂ ਨੂੰ ਜ਼ਖਮੀ ਕਰਨ ਦੇ ਦੋਸ਼ੀ ਬੰਦੂਕਧਾਰੀ ਦੀ ਭਾਲ ਕਰ ਰਹੇ ਹਨ। ਉੱਤਰੀ ਚਾਰਲਸਟਨ ਪੁਲਿਸ ਵਿਭਾਗ ਨੇ 1:30 ਵਜੇ ਤੋਂ ਪਹਿਲਾਂ ਕਾਰਵਾਈ ਕਰਦਿਆਂ ਗੋਲੀਬਾਰੀ ਦੇ ਜ਼ਖਮਾਂ ਨਾਲ ਪੀੜਤ ਤਿੰਨ ਵਿਅਕਤੀਆਂ ਨੂੰ ਸਹਾਇਤਾ ਦਿੱਤੀ। ਪੁਲਿਸ ਅਧਿਕਾਰੀਆਂ ਅਨੁਸਾਰ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਦੋਂ ਕਿ ਤੀਜੇ ਦੀ ਹਾਲਤ ਗੰਭੀਰ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਜਾਂਚਕਰਤਾਵਾਂ ਨੇ ਕਿਹਾ ਕਿ ਉਹ ਮਾਲ ਦੀ ਸੁਰੱਖਿਆ ਵੀਡੀਓ ਵਿੱਚ ਸਾਹਮਣੇ ਆਏ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਅਤੇ ਉਸਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ।

ਮੁੱਖ ਖਬਰਾਂ