ਅਸੈਂਬਲੀ ਘਿਰਾਓ ਸਬੰਧੀ ਹਲਕਾ ਇੰਚਾਰਜ ਸੰਧੂ ਵੱਲੋਂ ਸਰਕਲ ਪੱਧਰੀ ਮੀਟਿੰਗਾਂ

ਰਾਏਕੋਟ(ਦਲਵਿੰਦਰ ਸਿੰਘ ਰਛੀਨ)— ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੂਬੇ ਦੀ ਸੱਤਾ ਤੇ ਕਾਬਜ਼ ਹੋਈ ਕੈਪਟਨ ਸਰਕਾਰ ਪਾਸੋਂ ਚਾਰ ਸਾਲਾਂ ਦਾ ਹਿਸਾਬ ਮੰਗਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 1 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੀ ਜਨਤਾ ਨੂੰ ਕਾਂਗਰਸ ਦੀ ਵਾਅਦਾ ਖਿਲਾਫੀ ਸਬੰਧੀ ਜਾਗਰੂਕ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਸਰਕਲ ਪੱਧਰੀ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੇ ਇੱਕ ਮਾਰਚ ਨੂੰ ਰੱਖੇ ਪੰਜਾਬ ਵਿਧਾਨ ਸਭਾ ਘਿਰਾਓ ਸੰਬੰਧੀ ਹਲਕਾ ਰਾਏਕੋਟ ਦੇ ਸਰਕਲਾਂ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੌਰਾਨ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਅਸੰਬਲੀ ਘਿਰਾਓ ਪ੍ਰਤੀ ਭਾਰੀ ਉਤਸ਼ਾਹ ਤੇ ਜੋਸ਼ ਦਿਖਾਇਆ ਜਾ ਰਿਹਾ ਹੈ ਅਤੇ ਹਲਕਾ ਰਾਏਕੋਟ ਤੋਂ ਵੱਡੇ ਕਾਫ਼ਲੇ ਚੰਡੀਗੜ੍ਹ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਾਰ ਹਫ਼ਤਿਆਂ 'ਚ ਪੰਜਾਬ ਚੋਂ ਨਸ਼ਾ ਖਤਮ, ਕਿਸਾਨਾਂ ਦੀ ਕਰਜ਼ਾ ਮੁਆਫੀ, ਘਰ-ਘਰ ਰੋਜ਼ਗਾਰ, ਸਸਤੀ ਬਿਜਲੀ, ਬੇਘਰਾਂ ਨੂੰ ਮਕਾਨ ਅਤੇ ਸਸਤੇ ਆਟਾ-ਦਾਲ ਨਾਲ ਘਿਓ ਸ਼ੱਕਰ ਦੇਣ ਦੇ ਵਾਅਦੇ ਕੀਤੇ ਸਨ ਪ੍ਰੰਤੂ ਇਨ੍ਹਾਂ ਚਾਰ ਸਾਲਾਂ ਵਿਚ ਇਕ ਵੀ ਵਾਅਦਾ ਵਫਾ ਨਹੀਂ ਹੋਇਆ, ਸਗੋਂ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਜਿਸ ਨੂੰ ਜਗਾਉਣ ਲਈ ਅਕਾਲੀ ਦਲ ਵੱਲੋਂ ਇਹ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਸ ਮੌਕੇ ਜੱਥੇਦਾਰ ਗੁਰਮੇਲ ਸਿੰਘ ਆਂਡਲੂ ਸਰਕਲ ਪ੍ਰਧਾਨ ਰਾਏਕੋਟ, ਜੱਥੇਦਾਰ ਗੁਰਚਰਨ ਸਿੰਘ ਗਰੇਵਾਲ ਸਰਕਲ ਪ੍ਰਧਾਨ ਪੱਖੋਵਾਲ, ਪ੍ਰਭਜੋਤ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ, ਜੱਥੇਦਾਰ ਕੁਲਵਿੰਦਰ ਸਿੰਘ ਭੱਟੀ ਸ਼ਹਿਰੀ ਪ੍ਰਧਾਨ, ਜਥੇਦਾਰ ਨਰਿੰਦਰ ਸਿੰਘ ਸੰਘੇੜਾ ਸਰਕਲ ਪ੍ਰਧਾਨ ਸੁਧਾਰ, ਸਤਪਾਲ ਸਿੰਘ ਝੋਰੜਾਂ, ਸਾਬਕਾ ਸਰਪੰਚ ਗੁਰਵੰਤ ਸਿੰਘ ਰਛੀਨ, ਗੁਰਜੀਤ ਸਿੰਘ ਅਕਾਲਗਡ਼੍ਹ, ਰਾਮ ਆਸਰਾ ਸਿੰਘ ਤੁੰਗਾਹੇਡ਼ੀ, ਨੰਬਰਦਾਰ ਬਲਵੀਰ ਸਿੰਘ, ਨੰਬਰਦਾਰ ਦਲਜੀਤ ਸਿੰਘ ਬ੍ਰਹਮਪੁਰ, ਜਗਤਾਰ ਸਿੰਘ ਆਦਿ ਹਾਜ਼ਰ ਸਨ।

ਮੁੱਖ ਖਬਰਾਂ