ਕੈਪਟਨ ਦਾ ਪਰਗਟ ਸਿੰਘ ’ਤੇ ਪਲਟਵਾਰ, ਕਿਹਾ-ਕਿਸੇ ਪਾਰਟੀ ਸਹਿਯੋਗੀ ਦੀ ਫਾਈਲ ਨਹੀਂ ਕੀਤੀ ਤਿਆਰ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਨ੍ਹਾਂ ’ਤੇ ਪਲਟਵਾਰ ਕੀਤਾ ਹੈ। ਕੈਪਟਨ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਦੇ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੈਂ ਪਾਰਟੀ ਸਹਿਯੋਗੀਆਂ ਅਤੇ ਨੇਤਾਵਾਂ ਦੀਆਂ ਫਾਈਲਾਂ ਤਿਆਰ ਕੀਤੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪਰਗਟ ਸਿੰਘ ਅਜਿਹਾ ਕਿਉਂ ਕਹਿ ਰਹੇ ਹਨ ਪਰ ਇਹ ਸਭ ਝੂਠ ਦਾ ਪੁਲੰਦਾ ਹੈ। ਕੈਪਟਨ ਨੇ ਕਿਹਾ ਕਿ ਸ਼ਾਸਨ ਚਲਾਉਣ ਲਈ ਉਨ੍ਹਾਂ ਦਾ ਮੰਤਰ ਭਰੋਸਾ ਅਤੇ ਪਾਰਦਰਸ਼ਤਾ ਹੈ। ਇੰਝ ਉਨ੍ਹਾਂ ਆਪਣੇ ਬਿਆਨ ਵਿਚ ਪਰਗਟ ਸਿੰਘ ਨੂੰ ਇਹ ਸੰਕੇਤ ਜ਼ਰੂਰ ਦਿੱਤੇ ਹਨ ਕਿ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਉਹ ਕੋਈ ਸਮਝੌਤਾ ਕਰਨ ਵਾਲੇ ਨਹੀਂ। ਪਾਰਦਰਸ਼ਤਾ ਤੋਂ ਮੁੱਖ ਮੰਤਰੀ ਦਾ ਭਾਵ ਇਹੀ ਸੰਕੇਤ ਦੇਣਾ ਸੀ। ਕੈਪਟਨ ਨੇ ਆਪਣੇ ਬਿਆਨ ਵਿਚ ‘ਭਰੋਸਾ’ ਸ਼ਬਦ ਦੀ ਵੀ ਵਰਤੋਂ ਕੀਤੀ ਹੈ। ਇਸ ਨਾਲ ਉਨ੍ਹਾਂ ਇਹ ਸੰਕੇਤ ਵੀ ਪਰਗਟ ਸਿੰਘ ਨੂੰ ਭੇਜ ਦਿੱਤੇ ਹਨ ਕਿ ਭਰੋਸੇ ਨੂੰ ਲੈ ਕੇ ਹੀ ਉਹ ਅੱਗੇ ਵਧਦੇ ਹਨ।