ਅਮਰੀਕਾ: ਟਰੱਕ ਡਰਾਈਵਰ ਨੂੰ ਪੰਜ ਲੋਕਾਂ ਦੀ ਜਾਨ ਲੈਣ ਦੇ ਦੋਸ਼ ‘ਚ ਹੋਈ 16 ਸਾਲ ਦੀ ਕੈਦ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਵਿੱਚ ਐਰੀਜ਼ੋਨਾ ਦਾ ਇੱਕ ਟਰੱਕ ਡਰਾਈਵਰ ਜਿਸਨੇ ਪਿਛਲੇ ਸਾਲ ਦਸੰਬਰ ‘ਚ ਨੇਵਾਡਾ ਹਾਈਵੇ ‘ਤੇ ਸਾਈਕਲ ਸਵਾਰਾਂ ਨੂੰ ਦਰੜ ਦਿੱਤਾ ਸੀ, ਜਿਸ ਕਾਰਨ ਪੰਜ ਸਾਈਕਲ ਸਵਾਰਾਂ ਦੀ ਮੌਤ ਹੋ ਜਾਣ ਦੇ ਨਾਲ ਚਾਰ ਜ਼ਖਮੀ ਹੋ ਗਏ ਸਨ, ਨੂੰ ਬੁੱਧਵਾਰ ਨੂੰ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਗੱਡੀ ਚਲਾਉਣ ਦੇ ਦੋਸ਼ ‘ਚ ਘੱਟੋ-ਘੱਟ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਸ ਵੇਗਸ ਵਿੱਚ ਦੋ ਦਿਨਾਂ ਦੀ ਸੁਣਵਾਈ ਦੇ ਪਹਿਲੇ ਦਿਨ ਮੰਗਲਵਾਰ ਨੂੰ, ਕਲਾਰਕ ਕਾਉਂਟੀ ਡਿਟੈਂਸਨ ਕੇਂਦਰ ਤੋਂ ਵੀਡੀਓ ਰਾਹੀਂ ਗੱਲਬਾਤ ਕਰਨ ਦੌਰਾਨ ਐਰੀਜ਼ੋਨਾ ਦੇ ਕਿੰਗਮੈਨ ਨਾਲ ਸਬੰਧਿਤ 45 ਸਾਲਾਂ ਟਰੱਕ ਡਰਾਈਵਰ ਜਾਰਡਨ ਐਲਗਜ਼ੈਡਰ ਬਾਰਸਨ ਨੇ ਮੁਆਫੀ ਮੰਗੀ ਹੈ। ਬਾਰਸਨ ਨੇ ਅਦਾਲਤ ਨੂੰ ਕਿਹਾ ਕਿ ਉਸਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਕਲਾਰਕ ਕਾਉਂਟੀ ਦੀ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਬਾਰਸਨ ਦਾ ਪਛਤਾਵਾ ਸਵੀਕਾਰ ਕੀਤਾ ਪਰ ਨਾਲ ਹੀ ਨਸ਼ੇ ਦੇ ਪ੍ਰਭਾਵ ਹੇਠ ਡਰਾਈਵਿੰਗ ਕਰਨ ਦੇ ਦੋ ਦੋਸ਼ਾਂ ਵਿੱਚ ,ਕਈ ਜਾਨਾਂ ਲੈਣ ਲਈ ਸਜਾ ਵੀ ਦਿੱਤੀ। ਇਸ ਦਰਦਨਾਕ ਹਾਦਸੇ ਵਿੱਚ ਲਾਸ ਵੇਗਸ ਦੇ 39 ਸਾਲਾਂ ਏਰਿਨ ਮਿਸ਼ੇਲ ਰੇ, ਗੇਰਾਰਡ ਸੁਆਰੇਜ਼ ਨੀਵਾ (41), ਮਾਈਕਲ ਟੌਡ ਮਰੇ (57) , ਅਕਸੋ ਅਹਮੇਟ (48) ਅਤੇ ਥਾਮਸ ਚੈਂਬਰਲਿਨ ਟਰੂਗਰ (57) ਨੇ ਆਪਣੀ ਜਾਨ ਗਵਾਈ ਸੀ ਜਦਕਿ ਸਾਈਕਲ ਸਵਾਰ ਜੋਸ ਵਾਸਕੁਜ਼ ਅਤੇ ਜੇਰੋਮ ਡੁਕਰੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇਸ ਕੈਦ ਦੀ ਸਜਾ ਦੇ ਨਾਲ ਜੱਜ ਨੇ ਬਾਰਸਨ ਨੂੰ ਪੀੜਤਾਂ ਨੂੰ ਤਕਰੀਬਨ 60,000 ਡਾਲਰ ਮੁਆਵਜ਼ਾ ਦੇਣ ਦਾ ਆਦੇਸ਼ ਵੀ ਦਿੱਤਾ ਹੈ। ਵਕੀਲਾਂ ਅਨੁਸਾਰ ਹਾਦਸੇ ਉਪਰੰਤ ਡਰਾਈਵਰ ਦੇ ਖੂਨ ਦੀਆਂ ਜਾਂਚਾਂ ਵਿੱਚ ਨੌਂ ਗੁਣਾ ਜ਼ਿਆਦਾ ਮੈਥਾਮਫੇਟਾਮਾਈਨ ਨਸ਼ੀਲਾ ਪਦਾਰਥ ਪਾਇਆ ਗਿਆ ਸੀ।