ਕੈਲੀਫੋਰਨੀਆ ‘ਚ ਸਾਬਕਾ ਪੁਲਿਸ ਮੁਖੀ ਸਮੇਤ 5 ਹੋਰਾਂ ‘ਤੇ ਲੱਗੇ ਕੈਪੀਟਲ ਦੰਗਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ), :ਅਮਰੀਕਾ ਵਿੱਚ 6 ਜਨਵਰੀ ਨੂੰ ਕੈਪੀਟਲ ‘ਚ ਹੋਏ ਦੰਗਿਆਂ ਸਬੰਧੀ ਵੀਰਵਾਰ ਨੂੰ ਜਨਤਕ ਕੀਤੇ ਗਏ ਕੁੱਝ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕੈਲੀਫੋਰਨੀਆ ਦੇ ਇੱਕ ਸਾਬਕਾ ਪੁਲਿਸ ਮੁਖੀ ਅਤੇ ਪੰਜ ਹੋਰ ਵਿਅਕਤੀਆਂ ਨੂੰ ਇਹਨਾਂ ਹਮਲਿਆਂ ਲਈ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਦੋਸ਼ੀਆਂ ਵਿੱਚੋਂ ਇੱਕ ਲਾ ਹਾਬਰਾ ਸਿਟੀ ਦਾ ਸਾਬਕਾ ਪੁਲਿਸ ਮੁਖੀ ਹੈ ਜਿਸਨੇ ਇੱਕ ਸਮੂਹ ਦੀ ਸਥਾਪਨਾ ਕੀਤੀ ਸੀ, ਜਿਸਦਾ ਨਾਮ ‘ਅਮੈਰੀਕਨ ਫੀਨਿਕਸ ਪ੍ਰੋਜੈਕਟ’ ਹੈ, ਜੋ ਕਿ ਮਹਾਂਮਾਰੀ ਨਾਲ ਸਬੰਧਿਤ ਪਾਬੰਦੀਆਂ ਦੇ ਵਿਰੋਧ ਵਿੱਚ ਬਣਾਇਆ ਗਿਆ ਸੀ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਦੋਸ਼ ਲਗਾਏ ਗਏ ਘੱਟੋ ਘੱਟ ਬੰਦਿਆਂ ਵਿਚੋਂ ਕੁੱਝ ਦੇ ਤਿੰਨ ਪਰਸੈਂਟਜ਼ ਐਂਟੀ ਗਵਰਨਮੈਂਟ ਲਹਿਰ ਨਾਲ ਵੀ ਸਬੰਧ ਹਨ। ਇਹਨਾਂ ਉੱਤੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਜਿੱਤ ਦੇ ਪ੍ਰਮਾਣ ਪੱਤਰ ਨੂੰ ਰੋਕਣ ਲਈ ਇੱਕ ਦੂਜੇ ਨਾਲ ਸਾਜਿਸ਼ ਰਚਣ ਦਾ ਦੋਸ਼ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ 6 ਜਨਵਰੀ ਨੂੰ ਹੋਏ ਦੰਗੇ ਦੇ ਇਸ ਮੁਕੱਦਮੇ ਵਿੱਚ ਹੋਰ ਕੱਟੜਪੰਥੀ ਸਮੂਹਾਂ, ਓਥ ਕੀਪਰਜ਼ ਅਤੇ ਪ੍ਰੌਡ ਬੁਆਏਜ਼ ਦੇ ਮੈਂਬਰਾਂ ਖ਼ਿਲਾਫ਼ ਵੀ ਅਜਿਹੀ ਹੀ ਸਾਜ਼ਿਸ਼ ਦੇ ਕੇਸ ਲਗਾਏ ਹਨ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਅਮਰੀਕੀ ਫੀਨਿਕਸ ਪ੍ਰੋਜੈਕਟ ਦੇ ਸੰਸਥਾਪਕ, ਸਾਬਕਾ ਪੁਲਿਸ ਮੁਖੀ ਐਲਨ ਹੋਸਟੇਟਰ ਨੇ, 6 ਜਨਵਰੀ ਤੱਕ ਦੇ ਹਫ਼ਤਿਆਂ ਵਿੱਚ, ਆਪਣੇ ਸਮੂਹ ਦੀ ਵਰਤੋਂ ਉਨ੍ਹਾਂ ਲੋਕਾਂ ਵਿਰੁੱਧ ਹਿੰਸਾ ਕਰਨ ਲਈ ਕੀਤੀ, ਜਿਨ੍ਹਾਂ ਨੇ ਚੋਣਾਂ ਦੇ ਨਤੀਜਿਆਂ ਦਾ ਸਮਰਥਨ ਕੀਤਾ ਸੀ। 12 ਦਸੰਬਰ ਨੂੰ ਹੰਟਿੰਗਟਨ ਬੀਚ ‘ਤੇ ਕੀਤੀ ਗਈ “ਸਟਾਪ ਦਿ ਸਟੇਲ” ਰੈਲੀ ਦੌਰਾਨ, ਹੋਸਟੇਟਰ ਨੇ ਚੇਤਾਵਨੀ ਦਿੱਤੀ ਸੀ ਕਿ 20 ਜਨਵਰੀ ਨੂੰ ਟਰੰਪ ਦੁਆਰਾ ਸਹੁੰ ਚੁੱਕਣੀ ਚਾਹੀਦੀ ਹੈ। ਅਧਿਕਾਰੀਆਂ ਅਨੁਸਾਰ ਇੱਕ ਹੋਰ ਵਿਅਕਤੀ ਰਸਲ ਟੇਲਰ, ਨੇ 6 ਜਨਵਰੀ ਨੂੰ ਕੈਪੀਟਲ ਦੰਗਿਆਂ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਟੈਲੀਗ੍ਰਾਮ ‘ਤੇ ਪੋਸਟ ਕੀਤਾ ਅਤੇ 1 ਜਨਵਰੀ ਨੂੰ, ਛੇ ਆਦਮੀ ਦੰਗੇ ਤੋਂ ਪਹਿਲਾਂ ਤਾਲਮੇਲ ਬਿਠਾਉਣ ਲਈ 30 ਤੋਂ ਵੱਧ ਹੋਰ ਲੋਕਾਂ ਨਾਲ “ਕੈਲੀਫੋਰਨੀਆ ਪੈਟਰੋਇਟਸ-ਡੀ ਸੀ ਬ੍ਰਿਗੇਡ” ਨਾਮਕ ਇੱਕ ਟੈਲੀਗ੍ਰਾਮ ਗੱਲਬਾਤ ਵਿੱਚ ਸ਼ਾਮਲ ਹੋਏ ਸਨ। ਦੰਗਿਆਂ ਤੋਂ ਕੁੱਝ ਦਿਨ ਪਹਿਲਾਂ, ਹੋਸਟੇਟਰ ਨੇ ਵੀ ਅਮੈਰੀਕਨ ਫੀਨਿਕਸ ਪ੍ਰੋਜੈਕਟ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਪੋਸਟ ਵਿੱਚ ਚੇਤਾਵਨੀ ਦਿੱਤੀ ਸੀ। ਇਸਦੇ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ 6 ਜਨਵਰੀ ਨੂੰ ਟੇਲਰ ਅਤੇ ਹੋਸਟੇਟਰ ਵੈਸਟ ਟੇਰੇਸ ਉੱਤੇ ਅਧਿਕਾਰੀਆਂ ਦੀ ਇੱਕ ਲਾਈਨ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਸਮੂਹ ਦਾ ਇੱਕ ਹਿੱਸਾ ਸਨ।ਹੋਸਟੇਟਰ ਦੇ ਵਕੀਲ ਇਲਾਲ ਏਸੈਲੀ ਨੇ ਦੱਸਿਆ ਕਿ ਉਸਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਵਧੇਰੇ ਜਾਣਕਾਰੀ ਦੀ ਉਮੀਦ ਹੈ ਅਤੇ ਹੋਸਟੇਟਰ ਨੇ ਅਧਿਕਾਰੀਆਂ ਨੂੰ ਸਮਰਪਣ ਕਰ ਦਿੱਤਾ ਹੈ।