ਅਮਰੀਕਾ ਦੇ ਹਸਪਤਾਲਾਂ ‘ਤੇ ਹੈਕਰਾਂ ਦੁਆਰਾ ਕੀਤੇ ਜਾ ਰਹੇ ਹਨ, ਰੇਨਸਮਵੇਅਰ ਹਮਲੇ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ): ਅਮਰੀਕਾ ਵਿੱਚ ਹੈਕਰਾਂ ਵੱਲੋਂ ਜਿਆਦਾ ਪੈਸੇ ਕਮਾਉਣ ਦੇ ਮੰਤਵ ਨਾਲ ਹਸਪਤਾਲਾਂ ਦੇ ਕੰਪਿਊਟਰ ਸਿਸਟਮਾਂ ਨੂੰ ਪ੍ਰਭਾਵਿਤ ਕਰਕੇ ਰੇਨਸਮਵੇਅਰ (ਫਿਰੌਤੀ) ਲਈ ਹਮਲੇ ਕੀਤੇ ਜਾ ਰਹੇ ਹਨ। ਰਾਸ਼ਟਰੀ ਹਸਪਤਾਲਾਂ ਦੀ ਚੇਨ ‘ਤੇ ਫਿਰੌਤੀ ਦੇ ਹਮਲਿਆਂ ਲਾਸ ਵੇਗਸ ਦੇ ਕਈ ਹਸਪਤਾਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹਨਾਂ ਹਮਲਿਆਂ ਕਾਰਨ ਨਿਊਯਾਰਕ ਵਿੱਚ, ਕਾਉਂਟੀ ਦੇ ਇਕਲੌਤੇ ਟ੍ਰੌਮਾ ਸੈਂਟਰ ਵਿੱਚ ਐਂਬੂਲੈਂਸ ਸੇਵਾ ਬੰਦ ਹੋ ਗਈ ਸੀ ਅਤੇ ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕਾ ਦੇ ਹਸਪਤਾਲਾਂ ਵਿਰੁੱਧ ਕਈ ਹਮਲੇ ਕੀਤੇ ਗਏ ਜਿਸ ਕਰਕੇ ਕੁੱਝ ਸਰਜਰੀਆਂ ਨੂੰ ਮੁਅੱਤਲ ਕਰਨ ਦੇ ਨਾਲ ਡਾਕਟਰੀ ਦੇਖਭਾਲ ਵਿੱਚ ਵੀ ਦੇਰੀ ਹੋਈ ਅਤੇ ਹਸਪਤਾਲਾਂ ਨੂੰ ਲੱਖਾਂ ਡਾਲਰ ਖਰਚਣੇ ਪਏ। ਰਿਪੋਰਟਾਂ ਦੇ ਅਨੁਸਾਰ ਇਹਨਾਂ ਵਿੱਚੋਂ ਜਿਆਦਾਤਰ ਹਮਲੇ ਪੂਰਬੀ ਯੂਰਪੀਅਨ ਸਾਈਬਰ ਅਪਰਾਧੀਆਂ ਦੇ ਇੱਕ ਗਿਰੋਹ ਜਿਸਨੂੰ ਪਹਿਲਾਂ “ਬਿਜ਼ਨਸ ਕਲੱਬ” ਵਜੋਂ ਜਾਣਿਆ ਜਾਂਦਾ ਸੀ, ਨਾਲ ਜੁੜੇ ਹਨ। ਸਾਈਬਰ ਸਕਿਉਰਿਟੀ ਫਰਮ ਸੋਨਿਕਵਾਲ ਦੇ ਅਨੁਸਾਰ, ਹੁਣ ਇਸ ਗੈਂਗ ਨੂੰ ਰਿਊਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਪ੍ਰਮੁੱਖ ਰੇਨਸਮਵੇਅਰ ਗਿਰੋਹ ਹੈ। 2020 ਵਿੱਚ ਅਮਰੀਕੀ ਰੇਨਸਮਵੇਅਰ ਹਮਲਿਆਂ ਵਿੱਚੋਂ ਇੱਕ ਤਿਹਾਈ ਇਸਦੇ ਹਿੱਸੇ ਹਨ। ਬਿਟਕੋਇਨ ਵਿਸ਼ਲੇਸ਼ਣ ਫਰਮ ਚੈਨਾਲੀਸਿਸ ਦੇ ਅਨੁਸਾਰ, ਰਿਊਕ ਰੇਨਸਮਵੇਅਰ ਨੇ ਪਿਛਲੇ ਸਾਲ ਫਿਰੌਤੀ ਵਿੱਚ ਘੱਟੋ ਘੱਟ 100 ਮਿਲੀਅਨ ਡਾਲਰ ਇਕੱਠੇ ਕੀਤੇ ਹਨ। ਇਹ ਸਮੂਹ ਵੱਡੇ ਸੰਗਠਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਉਹਨਾਂ ਦੇ ਨੈਟਵਰਕ ਨੂੰ ਤੋੜਕੇ ਗਲਤ ਸਾਫਟਵੇਅਰ ਸਥਾਪਤ ਕਰਦਾ ਹੈ , ਜੋ ਹਰੇਕ ਕੰਪਿਊਟਰ ‘ਤੇ ਹਰ ਇੱਕ ਫਾਈਲ ਨੂੰ ਇੱਕ ਇਨਕ੍ਰਿਪਸ਼ਨ ਕੀ ਦੇ ਨਾਲ ਪਾਸਵਰਡ ਨਾਲ ਲਾਕ ਕਰ ਦਿੰਦਾ ਹੈ। ਜਿਸ ਉਪਰੰਤ ਇਸ ਇਨਕਰਿਪਸ਼ਨ ਪਾਸਵਰਡ ਨੂੰ ਖੋਲ੍ਹਣ ਦੇ ਬਦਲੇ ਵਿੱਚ ਪੀੜਤ ਲੋਕਾਂ , ਕਾਰੋਬਾਰਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਰਿਊਕ ਗਿਰੋਹ ਨੇ 2018 ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 235 ਜਨਰਲ ਹਸਪਤਾਲਾਂ ਅਤੇ ਮਰੀਜ਼ਾਂ ਦੇ ਮਾਨਸਿਕ ਰੋਗਾਂ ਦੀਆਂ ਸਹੂਲਤਾਂ ਦੇ ਨਾਲ ਹੀ ਯੂ ਐਸ ਵਿੱਚ ਦਰਜਨਾਂ ਹੋਰ ਸਿਹਤ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤਰ੍ਹਾਂ ਦੇ ਹੈਕਰਾਂ ਦੁਆਰਾ ਹਸਪਤਾਲਾਂ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂਕਿ ਮਰੀਜ਼ਾਂ ਦੇ ਇਲਾਜ ਲਈ ਪ੍ਰਸ਼ਾਸਨ ਨੂੰ ਜਲਦੀ ਫਿਰੌਤੀ ਦੀ ਰਕਮ ਲਈ ਦਬਾਇਆ ਜਾ ਸਕਦਾ ਹੈ।ਐਫ ਬੀ ਆਈ ਦੇ ਡਾਇਰੈਕਟਰ ਕ੍ਰਿਸਟੋਫਰ ਵਰੇ ਨੇ ਕਿਹਾ ਕਿ ਏਜੰਸੀ ਤਕਰੀਬਨ 100 ਵੱਖ ਵੱਖ ਕਿਸਮਾਂ ਦੇ ਰੇਨਸਵੇਅਰ ਹਮਲਿਆਂ ਦੀ ਪੜਤਾਲ ਕਰ ਰਹੀ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਰੂਸ ਵਿੱਚ ਹੈਕਰਾਂ ਨਾਲ ਸਬੰਧਿਤ ਹੋ ਸਕਦੇ ਹਨ।